ਖਾਣ ਵਾਲੀ ਕਣਕ ਦੀ ਇਸ ਤਰਾਂ ਕਰੋ ਸਲਫਾਸ ਦੀ ਦਵਾਈ ਤੋਂ ਬਿਨਾਂ ਸੰਭਾਲ

0
7288

ਕਣਕ ਦੀ ਵਾਢੀ ਤੋਂ ਬਾਅਦ ਕਣਕ ਦੀ ਸਾਂਭ ਸੰਭਾਲ ਵੀ ਇਕ ਜਰੂਰੀ ਕੰਮ ਹੈ ।ਪੁਰਾਣੇ ਸਮੇ ਵਿੱਚ ਇਕ ਖੁਲ੍ਹੇ ਕਮਰੇ ਵਿੱਚ ਕਣਕ ਨੂੰ ਰੱਖ ਦਿੱਤਾ ਜਾਂਦਾ ਸੀ ਜਿਥੇ ਕੀੜਿਆਂ ਤੋਂ ਇਲਾਵਾ ਜਾਨਵਰ ਵੀ ਗੰਦਗੀ ਕਰ ਜਾਂਦੇ ਸਨ ।ਉਸਤੋਂ ਬਾਅਦ ਲੋਹੇ ਦੇ ਡਰੰਮ ਜਾਂ ਢੋਲ ਵਿੱਚ ਕਣਕ ਰੱਖੀ ਜਾਣ ਲੱਗੀ ਜਿਸ ਨਾਲ ਕਣਕ ਦੀ ਚੰਗੀ ਸੰਭਾਲ ਸੰਭਵ ਸੀ ਪਰ ਫੇਰ ਵੀ ਸੁਸਰੀ ਤੋਂ ਬਚਾਅ ਲਈ ਖਾਣ ਵਾਲੀ ਕਣਕ ਨੂੰ ਲੋਕ ਸਲਫਾਸ ਦੀ ਦਵਾਈ ਪਾ ਕੇ ਰੱਖਦੇ ਹਨ ਜੋ ਕਿ ਬਹੁਤ ਹੀ ਜ਼ਹਿਰੀਲੀ ਦਵਾਈ ਹੈ।


ਇਸ ਦੀ ਮਹਿਕ ਹੀ ਇਨਸਾਨ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਇਸ ਦਾ ਅਸਰ ਕਣਕ ਵਿਚ ਰਚ ਜਾਂਦਾ ਹੈ। ਜੋ ਸਮਾਂ ਪਾ ਕੇ ਸਿਹਤ ਦਾ ਨੁਕਸਾਨ ਕਰਦਾ ਹੈ। ਅਸੀਂ ਘਰ ਵਿਚ ਰੱਖਣ ਵਾਲੀ ਕਣਕ ਨੂੰ ਬਿਨਾਂ ਸਲਫਾਸ ਜਾਂ ਬਿਨਾਂ ਕਿਸੇ ਹੋਰ ਦਵਾਈ ਦੇ ਸੁਸਰੀ ਤੋਂ ਸੁਰੱਖਿਅਤ ਰੱਖ ਸਕਦੇ ਹਾਂ, ਲੋੜ ਹੈ ਥੋੜੀ ਜਿਹੀ ਮਿਹਨਤ ਦੀ।ਕਰਨਾ ਇੰਝ ਹੈ ਕਿ ਕਣਕ ਨੂੰ ਤੇਜ਼ ਧੁੱਪ ਵਿਚ ਪਤਲਾ ਖਿਲਾਰ ਕੇ ਲਗਪਗ ਤਿੰਨ ਧੁੱਪਾਂ ਲਵਾਓ। ਕਣਕ ਨੂੰ ਤਰੇਲ ਪੈਣ ਤੋਂ ਪਹਿਲਾਂ ਸ਼ਾਮ ਸਮੇਂ ਧੁੱਪ ਹੁੰਦੇ ਹੀ ਇਕੱਠਾ ਕਰ ਕੇ ਢੱਕ ਦਵੋ, ਸਵੇਰੇ ਚੰਗੀ ਧੁੱਪ ਲੱਗ ਜਾਣ ‘ਤੇ ਦੱਸ ਕੁ ਵਜੇ ਫਿਰ ਸੁਕਣੇ ਪਾ ਦਵੋ। ਲੋੜ ਅਨੁਸਾਰ ਧੁੱਪਾਂ ਲਵਾਓ, ਦਾਣੇ ਚਬਾਅ ਕੇ ਵੇਖ ਲਵੋ ਸਿਲ੍ਹੇ ਤਾਂ ਨਹੀਂ। ਕਣਕ ਨੂੰ ਫਰਸ਼ ਜਾਂ ਛੱਤ ‘ਤੇ ਹੇਠਾਂ ਕੁਝ ਵਿਛਾ ਕੇ ਸੁਕਾਵੋ।ਕਿਸੇ ਤਰ੍ਹਾਂ ਵੀ ਪਾਣੀ ਦਾ ਛਿਟਾ ਕਣਕ ‘ਤੇ ਨਾ ਪਵੇ ।

ਧੁੱਪਾਂ ਲਵਾ ਕੇ ਸ਼ਾਮ ਛੇ ਕੁ ਵਜੇ ਦੇ ਸਮੇਂ ਕਣਕ ਕੁਝ ਠੰਡੀ ਹੋਣ ਤੇ ਕਮਰੇ ਵਿਚ ਕੁਝ ਵਿਛਾ ਕੇ ਇਕ ਰਾਤ ਜਾਂ ਦਿਨ ਲਈ ਠੰਢੀ ਹੋਣ ਦਵੋ, ਇਸੇ ਤਰ੍ਹਾਂ ਕਣਕ ਵਾਲਾ ਡਰੰਮ ਵੀ ਸਾਫ ਕਰ ਕੇ ਪਹਿਲਾਂ ਹੀ ਕਮਰੇ ਵਿਚ ਰੱਖੋ।ਠੰਢੀ ਹੋਣ ‘ਤੇ ਕਣਕ ਡਰੰਮ ਵਿਚ ਪਾ ਦਵੋ, ਕਿਸੇ ਵੀ ਕਿਸਮ ਦੇ ਰੁਖਾਂ ਦੇ ਪੱਤੇ ਅਤੇ ਤੀਲਾਂ ਵਾਲੀਆ ਡੱਬੀਆਂ ਕਣਕ ਵਿਚ ਨਾ ਰੱਖੋ।ਕਣਕ ਵਾਲੇ ਡਰੰਮ ਨੂੰ ਕੂਲਰ ਵਾਲੇ ਕਮਰੇ ਵਿਚ ਨਾ ਰੱਖੋ, ਕੂਲਰ ਕਮਰੇ ਵਿਚ ਨਮੀ ਕਰਦਾ ਹੈ ਜਿਸ ਨਾਲ ਕਣਕ ਸਲ੍ਹਾਬ ਸਕਦੀ ਹੈ। ਇਸ ਤਰ੍ਹਾਂ ਅਸੀਂ ਸਲਫਾਸ ਵਰਗੀ ਜ਼ਹਿਰੀਲੀ ਦਵਾਈ ਦੇ ਅਸਰ ਤੋਂ ਬੱਚ ਸਕਦੇ ਹਾਂ।