ਇਸ ਸਕੀਮ ਨਾਲ ਹੋਵੇਗੀ 20 ਹਜ਼ਾਰ ਤਕ ਦੀ ਕਮਾਈ, ਸਰਕਾਰ ਦੇ ਰਹੀ ਹੈ ਮੌਕਾ

0
7571

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਲਾਲ ਕਿਲ੍ਹੇ ਤੋਂ ਕੁਝ ਖਾਸ ਸਕੀਮਾਂ ਦਾ ਜ਼ਿਕਰ ਕੀਤਾ, ਜਿਸ ਨਾਲ ਆਮ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ। ਇਨ੍ਹਾਂ ‘ਚ ਮੁਦਰਾ ਯੋਜਨਾ, ਜਨ-ਧਨ ਯੋਜਨਾ ਖਾਤੇ ਦੇ ਇਲਾਵਾ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਮੁੱਖ ਤੌਰ ‘ਤੇ ਸ਼ਾਮਲ ਹਨ। ਪੀ. ਐੱਮ. ਨੇ ਜਨ ਔਸ਼ਧੀ ਯੋਜਨਾ ਦਾ ਜ਼ਿਕਰ ਕਰਦੇ ਹੋਏ ਇਸ ਦੀ ਖਾਸੀਅਤ ਦੱਸੀ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਨਾਲ ਕਿਸ ਤਰ੍ਹਾਂ ਨਾਲ ਸ਼ਹਿਰ, ਪਿੰਡ-ਪਿੰਡ ਤਕ ਲੋਕਾਂ ਨੂੰ ਲਾਭ ਪਹੁੰਚ ਰਿਹਾ ਹੈ। ਅਸਲ ‘ਚ ਸਰਕਾਰ ਇਸ ਖਾਸ ਯੋਜਨਾ ਜ਼ਰੀਏ ਆਮ ਲੋਕਾਂ ਨੂੰ ਹਰ ਮਹੀਨੇ ਨਿਯਮਤ ਕਮਾਈ ਦਾ ਮੌਕਾ ਦੇ ਰਹੀ ਹੈ, ਜਿਸ ਦਾ ਫਾਇਦਾ ਤੁਸੀਂ ਵੀ ਲੈ ਸਕਦੇ ਹੋ। ਇਸ ਯੋਜਨਾ ਦਾ ਲਾਭ ਲੈਂਦੇ ਹੋਏ ਤੁਸੀਂ ਹਰ ਮਹੀਨੇ 20 ਤੋਂ 25 ਹਜ਼ਾਰ ਰੁਪਏ ਤਕ ਦੀ ਕਮਾਈ ਕਰ ਸਕਦੇ ਹੋ। ਸਰਕਾਰ ਇਸ ਯੋਜਨਾ ਜ਼ਰੀਏ ਆਮ ਲੋਕਾਂ ਨੂੰ ਰੁਜ਼ਗਾਰ ਉਪਲੱਬਧ ਕਰਾਉਣ ਲਈ ਕਈ ਸਹੂਲਤਾਂ ਦੇ ਰਹੀ ਹੈ।

ਕੌਣ ਖੋਲ੍ਹ ਸਕਦੈ ਜਨ ਔਸ਼ਧੀ ਸੈਂਟਰ?
ਜਨ ਔਸ਼ਧੀ ਸੈਂਟਰ ਖੋਲ੍ਹਣ ਲਈ ਸਰਕਾਰ ਨੇ ਤਿੰਨ ਸ਼੍ਰੇਣੀਆਂ ਬਣਾਈਆਂ ਹਨ। ਪਹਿਲੀ ਸ਼੍ਰੇਣੀ ‘ਚ ਕੋਈ ਵੀ ਵਿਅਕਤੀ, ਬੇਰੁਜ਼ਗਾਰ ਫਾਰਮਿਸਟ, ਡਾਕਟਰ, ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਸਟੋਰ ਖੋਲ੍ਹ ਸਕੇਗਾ। ਦੂਜੀ ਸ਼੍ਰੇਣੀ ‘ਚ ਟਰੱਸਟ, ਐੱਨ. ਜੀ. ਓ., ਨਿੱਜੀ ਹਸਪਤਾਲ, ਸੋਸਾਇਟੀ ਅਤੇ ਸਵੈ ਸਹਾਇਤਾ ਗਰੁੱਪ ਨੂੰ ਸਟੋਰ ਖੋਲ੍ਹਣ ਦਾ ਮੌਕਾ ਮਿਲੇਗਾ। ਇਸ ਦੇ ਇਲਾਵਾ ਤੀਜੀ ਸ਼੍ਰੇਣੀ ‘ਚ ਸੂਬਾ ਸਰਕਾਰਾਂ ਵੱਲੋਂ ਨਾਮਜ਼ਦ ਕੀਤੀ ਗਈ ਏਜੰਸੀ ਹੋਵੇਗੀ। ਇਸ ਤਹਿਤ ਦੁਕਾਨ ਖੋਲ੍ਹਣ ਲਈ 120 ਵਰਗ ਫੁੱਟ ਜਗ੍ਹਾ ਹੋਣੀ ਜ਼ਰੂਰੀ ਹੈ।

ਕਿਵੇਂ ਹੋਵੇਗੀ ਕਮਾਈ?
ਤੁਸੀਂ ਆਪਣੇ ਸੈਂਟਰ ਜ਼ਰੀਏ ਮਹੀਨੇ ‘ਚ ਜਿੰਨੀਆਂ ਦਵਾਈਆਂ ਵੇਚੋਗੇ, ਉਨ੍ਹਾਂ ਦਾ 20 ਫੀਸਦੀ ਤੁਹਾਨੂੰ ਕਮਿਸ਼ਨ ਦੇ ਤੌਰ ‘ਤੇ ਮਿਲ ਜਾਵੇਗਾ। ਟਰੇਡ ਮਾਰਜਨ ਦੇ ਇਲਾਵਾ ਸਰਕਾਰ ਮਹੀਨੇ ਦੀ ਸੇਲ ‘ਤੇ 10 ਫੀਸਦੀ ਇਨਸੈਂਟਿਵ ਦੇਵੇਗੀ, ਜੋ ਤੁਹਾਡੇ ਖਾਤੇ ‘ਚ ਆਵੇਗਾ। ਯਾਨੀ ਜੇਕਰ ਕੋਈ ਮਹੀਨੇ ‘ਚ 1 ਲੱਖ ਰੁਪਏ ਤਕ ਦੀ ਦਵਾਈ ਵੇਚਦਾ ਹੈ ਤਾਂ ਉਸ ਨੂੰ ਮਹੀਨੇ ‘ਚ 20 ਹਜ਼ਾਰ ਰੁਪਏ ਤਕ ਦੀ ਕਮਾਈ ਹੋ ਸਕਦੀ ਹੈ। ਸੈਂਟਰ ਸ਼ੁਰੂ ਕਰਨ ਲਈ ਸਰਕਾਰ ਮਾਲੀ ਸਹਾਇਤਾ ਵੀ ਦੇਵੇਗੀ।

ਕਿਵੇਂ ਕਰੀਏ ਅਪਲਾਈ?
ਸੈਂਟਰ ਖੋਲ੍ਹਣ ਲਈ ਤੁਹਾਡੇ ਕੋਲ ਪਰਚੂਨ ਦਵਾਈਆਂ ਸੇਲ ਕਰਨ ਦਾ ਲਾਈਸੈਂਸ ਜਨ ਔਸ਼ਧੀ ਸਟੋਰ ਦੇ ਨਾਮ ‘ਤੇ ਹੋਣਾ ਚਾਹੀਦਾ ਹੈ। ਇਸ ਦੇ ਇਲਾਵਾ ਘੱਟੋ-ਘੱਟ 120 ਵਰਗ ਫੁੱਟ ਦੀ ਜਗ੍ਹਾ ਹੋਣੀ ਚਾਹੀਦੀ ਹੈ। ਜਿਹੜਾ ਵਿਅਕਤੀ ਜਾਂ ਏਜੰਸੀ ਸਟੋਰ ਖੋਲ੍ਹਣਾ ਚਾਹੁੰਦਾ ਹੈ ਉਹ http://janaushadhi.gov.in/Guidelines.html ‘ਤੇ ਜਾ ਕੇ ਫਾਰਮ ਡਾਊਨਲੋਡ ਕਰ ਸਕਦਾ ਹੈ। ਉਸ ਨੂੰ ਫਾਰਮ ਨਾਲ ਦੱਸ ਗਈ ਫੀਸ ਦਾ ਡਿਮਾਂਡ ਡਰਾਫਟ ਦੇ ਨਾਲ ਬਿਊਰੋ ਆਫਰ ਫਾਰਮਾ ਪਬਲਿਕ ਸੈਕਟਰ ਅੰਡਰਟੇਕਿੰਗ ਆਫ ਇੰਡੀਆ ਦੇ ਜਨਰਲ ਮੈਨੇਜਰ ਦੇ ਨਾਮ ‘ਤੇ ਭੇਜਣਾ ਹੋਵੇਗਾ। ਜਨ ਔਸ਼ਧੀ ਦੀ ਵੈੱਬਸਾਈਟ ‘ਤੇ ਤੁਹਾਨੂੰ ਸਾਰੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ।