ਰੇਹੜਾ ਚਲਾਉਣ ਵਾਲੇ ਦੇ ਪੁੱਤ ਨੇ ਪੀ.ਸੀ.ਐੱਸ. ‘ਚੋਂ ਪੰਜਾਬ ਭਰ ‘ਚ ਕੀਤਾ ਪਹਿਲਾ ਸਥਾਨ ਹਾਸਲ

0
1843

ਸ੍ਰੀ ਮੁਕਤਸਰ ਸਾਹਿਬ/ ਮੰਡੀ ਲੱਖੇਵਾਲੀ (ਪਵਨ ਤਨੇਜਾ/ ਸੁਖਪਾਲ ਢਿੱਲੋਂ)— ਇਥੋਂ ਨੇੜਲੇ ਪਿੰਡ ਭਾਗਸਰ ਦੇ ਇਕ ਗਰੀਬ ਪਰਿਵਾਰ ਨਾਲ ਸਬੰਧਤ ਤਰਸੇਮ ਚੰਦ ਪੁੱਤਰ ਖੇਮ ਚੰਦ ਨੇ ਪੀ. ਸੀ. ਐੱਸ ਦੀ ਪ੍ਰੀਖਿਆ ਪਾਸ ਕਰਕੇ ਪੰਜਾਬ ਭਰ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਖਬਰ ਸੁਣਦਿਆਂ ਹੀ ਪਿੰਡ ਭਾਗਸਰ ਦੇ ਲੋਕਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਲੋਕ ਵਧਾਈਆ ਦੇ ਰਹੇ ਹਨ। ‘Media’ ਨਾਲ ਗੱਲਬਾਤ ਕਰਦਿਆਂ ਤਰਸੇਮ ਚੰਦ ਨੇ ਦੱਸਿਆ ਕਿ ਉਸ ਨੇ ਮੁਲਾਜ਼ਮਾਂ ਦੀ ਬੀ. ਕੈਟਾਗਿਰੀ ਸੀਨੀਅਰ ਅਸਿਸਟੈਂਟ ਦੀ ਸੂਬੇ ਭਰ ‘ਚੋਂ ਪੀ. ਸੀ. ਐੱਸ. ਦੀ ਪ੍ਰੀਖਿਆ ਪਾਸ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ ਦੱਸਿਆ ਕਿ ਸੈਂਕੜੇ ਵਿਅਕਤੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਅਤੇ ਉਨ੍ਹਾਂ ਚੋਂ 15 ਨੇ ਇਹ ਪ੍ਰੀਖਿਆ ਪਾਸ ਕੀਤੀ ਹੈ।

ਉਸ ਦੇ ਪਿਤਾ ਖੇਮ ਚੰਦ ਅਤੇ ਮਾਤਾ ਖਜਾਨੀ ਦੇਵੀ ਇਸ ਸਮੇਂ 70 ਸਾਲ ਦੀ ਉਮਰ ਦੇ ਹਨ, ਜੋ ਕਿ ਸਿਰਫ 5-5 ਜਮਾਤਾਂ ਹੀ ਪਾਸ ਹਨ। ਉਸ ਦੇ ਪਿਤਾ ਖੱਚਰ ਰੇਹੜਾ ਚਲਾ ਕੇ ਮਿਹਨਤ ਮਜ਼ਦੂਰੀ ਕਰਕੇ ਜਿੱਥੇ ਆਪਣੇ ਬੱਚਿਆਂ ਨੂੰ ਪੜਾਉਂਦੇ ਰਹੇ, ਉਥੇ ਹੀ ਪਰਿਵਾਰ ਦਾ ਪੇਟ ਵੀ ਪਾਲਦੇ ਰਹੇ। ਤਰਸੇਮ ਚੰਦ ਦੀਆਂ 4 ਵੱਡੀਆਂ ਭੈਣਾਂ ਹਨ ਜੋ ਕਿ ਵਿਆਹੀਆ ਹੋਈਆਂ ਹਨ ਜਦਕਿ ਇਕ ਛੋਟਾ ਭਰਾ ਹੈ। ਇਸ ਸਮੇਂ ਤਰਸੇਮ ਆਪਣੀ ਪਤਨੀ ਸ਼ੁਕੰਤਲਾ ਜੋ ਕਿ ਜੇ. ਬੀ. ਟੀ. ਅਧਿਆਪਿਕਾ ਹੈ ਅਤੇ ਬੱਚੀਆਂ ਪਾਰਲ ਅਤੇ ਚੈਹਕ ਨਾਲ ਚੰਡੀਗੜ੍ਹ ਵਿਖੇ ਰਹਿ ਰਿਹਾ ਹੈ।

ਮਾਤਾ-ਪਿਤਾ ਤੇ ਪਰਿਵਾਰ ਨੂੰ ਦਿੱਤਾ ਜਿੱਤ ਦਾ ਸਿਹਰਾ 
ਪਿੰਡ ਭਾਗਸਰ ਦੇ ਸਰਕਾਰੀ ਸਕੂਲ ਤੋਂ ਉਸ ਨੇ 10ਵੀਂ ਅਤੇ 12ਵੀਂ ਪਾਸ ਕੀਤੀ। ਇਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਤੋਂ ਬੀ. ਏ. ਦੀ ਪੜ੍ਹਾਈ ਕੀਤੀ। ਇਸ ਉਪਰੰਤ ਉਨ੍ਹਾਂ ਬੀ. ਐੱਡ, ਡਬਲ ਐੱਮ. ਏ. ਤੋਂ ਇਲਾਵਾ ਐੱਲ. ਐੱਲ. ਬੀ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਡੀ. ਸੀ. ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਕਲਰਕ ਦੀ ਨੌਕਰੀ ਕੀਤੀ ਅਤੇ ਫਿਰ ਸੈਕਟਰੀਏਟ ਚੰਡੀਗੜ੍ਹ ਵਿਖੇ ਸੀਨੀਅਰ ਅਸਿਸਟੈਂਟ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਨਾਲ ਹੀ ਪੀ. ਸੀ. ਐੱਸ. ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ। ਤਰਸੇਮ ਚੰਦ ਦੇ ਅਧਿਆਪਕ ਸੇਵਾ ਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਤਰਸੇਮ ਸ਼ੁਰੂ ਤੋਂ ਹੀ ਹੋਣਹਾਰ ਅਤੇ ਮਿਹਨਤੀ ਵਿਦਿਆਰਥੀ ਸੀ। ਇਸ ਮੌਕੇ ਸਾਡੇ ਪ੍ਰਤੀਨਿਧੀ ਨਾਲ ਫੋਨ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਤਰਸੇਮ ਚੰਦ ਨੇ ਕਿਹਾ ਕਿ ਮੇਰੀ ਇਸ ਪ੍ਰਾਪਤੀ ਦਾ ਸਿਹਰਾ ਮੇਰੇ ਮਾਤਾ-ਪਿਤਾ ਅਤੇ ਪੂਰੇ ਪਰਿਵਾਰ ਨੂੰ ਜਾਂਦਾ ਹੈ।
ਭਾਗਸਰ ਪਿੰਡ ਦੇ 3 ਆਈ. ਏ. ਐੱਸ ਤੇ 3 ਪੀ. ਸੀ. ਐੱਸ. ਅਫਸਰ ਬਣੇ
ਜ਼ਿਕਰਯੋਗ ਹੈ ਕਿ ਪਿੰਡ ਭਾਗਸਰ ਦੇ 3 ਆਈ. ਏ. ਐੱਸ. ਅਫਸਰ ਅਤੇ 3 ਪੀ. ਸੀ. ਐੱਸ. ਅਫਸਰ ਬਣ ਗਏ ਹਨ। ਗਗਨਦੀਪ ਸਿੰਘ ਬਰਾੜ ਤੋਂ ਇਲਾਵਾ ਪਿੰਡ ਦੀਆਂ ਦੋ ਨੂੰਹਾਂ ਕਮਲਜੀਤ ਕੌਰ ਅਤੇ ਨਵਜੋਤ ਕੌਰ ਆਈ. ਏ. ਐੱਸ ਹਨ। ਇਸੇ ਤਰ੍ਹਾਂ ਹੀ ਪਿੰਡ ਦੀ ਨੂੰਹ ਅਮਰਿੰਦਰ ਕੌਰ ਅਤੇ ਹਰਸੁਖਵਿੰਦਰ ਸਿੰਘ ਬੱਬੀ ਬਰਾੜ ਪਹਿਲਾਂ ਹੀ ਪੀ. ਸੀ. ਐੱਸ ਸਨ ਜਦਕਿ ਹੁਣ ਤਰਸੇਮ ਚੰਦ ਨੇ ਵੀ ਇਹ ਬਾਜ਼ੀ ਮਾਰ ਲਈ ਹੈ।